ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੇ ਰਾਜਨੀਤੀ ਬਾਰੇ ਦਿੱਤੇ ਬਿਆਨਾਂ ਕਾਰਨ ਚਰਚਾ ‘ਚ ਹੈ। ਐਵਾਰਡ ਫੰਕਸ਼ਨ ‘ਚ ਘੱਟ ਹੀ ਦਿਖਾਈ ਦੇਣ ਵਾਲੀ ਕੰਗਨਾ ਹਾਲ ਹੀ ਵਿੱਚ ਨਿਊਜ਼ 18 ਦੇ ‘ਰਾਇਜਿੰਗ ਇੰਡੀਆ ਸਮਿੱਟ’ ਵਿੱਚ ਸ਼ਾਮਲ ਹੋਈ, ਜਿੱਥੇ ਉਸ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਪੀਐਮ ਮੋਦੀ ਕਾਫੀ ਗਰਮਜੋਸ਼ੀ ਨਾਲ ਕੰਗਨਾ ਨੂੰ ਮਿਲੇ।
ਕੰਗਨਾ ਸਾੜੀ ਵਿੱਚ ਬਹੁਤ ਖੂਬਸੂਰਤ ਨਜ਼ਰ ਆ ਰਹੀ ਸੀ। ਦੱਸ ਦਈਏ ਕੰਗਨਾ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਹ ਪੀਐਮ ਮੋਦੀ ਦੀ ਫੈਨ ਹੈ। ਮੋਦੀ ਨਾਲ ਮੁਲਾਕਾਤ ਕਰਦੇ ਹੀ ਕੰਗਨਾ ਦੇ ਚਿਹਰੇ ‘ਤੇ ਖੁਸ਼ੀ ਨਜ਼ਰ ਆਈ।
ਕੰਗਨਾ ਨੇ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ, ”ਮੈਂ ਪੀ ਐਮ ਮੋਦੀ ਦੀ ਸਫਲਤਾ ਕਾਰਨ ਉਨ੍ਹਾਂ ਦੀ ਫੈਨ ਹਾਂ। ਇੱਕ ਨੌਜਵਾਨ ਔਰਤ ਹੋਣ ਦੇ ਨਾਤੇ, ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਸਹੀ ਇੱਕ ਰੋਲ ਮਾਡਲ ਹੋਣਾ ਚਾਹੀਦਾ ਹੈ ਜੋ ਆਮ ਆਦਮੀ ਦੇ ਭਲੇ ਲਈ ਕੁੱਝ ਕਰ ਸਕੇ। ਜਦੋਂ ਸਾਡੇ ਕੋਲ ਅਜਿਹਾ ਪੀਐਮ ਹੈ, ਤਾਂ ਮੈਨੂੰ ਲਗਦਾ ਹੈ ਇਹ ਸਿਰਫ ਉਸ ਦੀ ਜਿੱਤ ਨਹੀਂ ਬਲਕਿ ਲੋਕਤੰਤਰ ਦੀ ਜਿੱਤ ਹੈ।”
ਕੰਗਨਾ ਨੇ ਅੱਗੇ ਕਿਹਾ, ”ਜਿਵੇਂ ਕਿ ਮੈਂ ਕੱਪੜੇ ਪਹਿਨਦੀ ਹਾਂ ਤੇ ਬੋਲਦੀ ਹਾਂ, ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਪਾਰਟੀ ਮੈਨੂੰ ਆਪਣਾ ਹਿੱਸਾ ਬਣਾਏਗੀ ਪਰ ਜੇ ਉਹ ਮੇਰੇ ਫੈਸ਼ਨ ਸੈਂਸ ਨੂੰ ਨਹੀਂ ਬਦਲਦੇ ਤੇ ਮੈਨੂੰ ਬੋਲਣ ਦੀ ਆਜ਼ਾਦੀ ਦੇਣ ਤਾਂ ਮੈਨੂੰ ਰਾਜਨੀਤੀ ‘ਚ ਜਾਣ ਤੋਂ ਕੋਈ ਪਰਹੇਜ਼ ਨਹੀਂ। ਹਾਲਾਂਕਿ, ਮੈਂ ਧਰਮ ਵਿੱਚ ਯਕੀਨ ਨਹੀਂ ਰੱਖਦੀ ਤੇ ਖੁਦ ਨੂੰ ਸਿਰਫ ਭਾਰਤੀ ਮੰਨਦੀ ਹਾਂ। ਮੈਂ ਭਾਰਤੀ ਹਾਂ ਤੇ ਭਾਰਤ ਵਿੱਚ ਪੈਦਾ ਹੋਈ ਹਾਂ। ਮੇਰੀ ਇਸ ਦੇ ਇਲਾਵਾ ਕੋਈ ਹੋਰ ਪਛਾਣ ਨਹੀਂ।”
ਗ਼ੌਰਤਲਬ ਹੈ ਕਿ ਕੰਗਨਾ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ ‘ਮਨੀਕਾਰਨਿਕਾ’ ਦੀ ਪ੍ਰਮੋਸ਼ਨ ‘ਚ ਵਿਅਸਤ ਹੈ। ਇਹ ਫਿਲਮ 27 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।