Home / ਪੰਜਾਬ / ਦੋਵੇਂ ਗੁਆਂਢੀ ਮੁਲਕਾਂ ਵਿਚਾਲੇ ਜੰਗ ਕਰਵਾਉਣ ਤੇ ਤੁਲਿਆ ,ਸੋਸ਼ਲ ਤੇ ਬਿਜਲਈ ਮੀਡੀਆ

ਦੋਵੇਂ ਗੁਆਂਢੀ ਮੁਲਕਾਂ ਵਿਚਾਲੇ ਜੰਗ ਕਰਵਾਉਣ ਤੇ ਤੁਲਿਆ ,ਸੋਸ਼ਲ ਤੇ ਬਿਜਲਈ ਮੀਡੀਆ

ਕਿਹੜੀ ਦੇਸ਼ ਭਗਤੀ!
ਬੜਾ ਸ਼ੋਰਗੁੱਲ ਹੈ ਤੇਰੇ ਆਂਚਲ ਕੇ ਨੀਚੇ,
ਕੌਣ-ਸਾ, ਕੌਣ ਸੇ ਰੰਗ ਮੇਂ ਰੰਗ ਗਯਾ,
ਕਿਸੀ ਕੋ ਗੁਮਾਂ ਨਾ ਥਾ,
ਹਮ ਗਲਤੀ ਮੇਂ ਰਹੇ ਤੇਰੇ ਸਾਏ ਸੇ,
ਤੇਰਾ ਤੋ ਆਸਮਾਂ ਹੀ ਕੋਈ ਔਰ ਥਾ।

ਇਹ ਗੱਲ ਜਿਕਰ-ਏ-ਖਾਸ ਹੈ ਕਿ ਅੱਜ-ਕੱਲ੍ਹ ਸੋਸ਼ਲ ਮੀਡੀਆ ਅਤੇ ਬਿਜਲਈ ਮੀਡੀਆ ‘ਤੇ ਭਾਰਤ ਅਤੇ ਪਾਕਿਸਤਾਨ ਨੂੰ ਲੈ ਕੇ ਬਿਆਨਬਾਜੀ ਅਤੇ ਜੁਮਲੇਬਾਜੀ ਆਪਣੇ ਸ਼ੁਮਾਰ ‘ਤੇ ਹੈ। ਹਰ ਕੋਈ ਆਪੋ-ਆਪਣੀਆਂ ਬਾਹਾਂ ਉਲਾਰ ਕੇ ਦੋਵੇਂ ਗੁਆਂਢੀ ਮੁਲਕਾਂ ਵਿਚਾਲੇ ਜੰਗ ਕਰਵਾਉਣ ‘ਤੇ ਤੁਲਿਆ ਹੋਇਆ ਹੈ। ਅਜਿਹੀ ਸ਼ਬਦਾਵਲੀ ਇਸਤੇਮਾਲ ਕੀਤੀ ਜਾ ਰਹੀ ਹੈ ਕਿ ਜਿਵੇਂ ਹੁਣੇ ਜੰਗ ਸ਼ੁਰੂ ਹੋਈ।

ਲੋਕਾਂ ਦੀ ਭਾਵਨਾਵਾਂ ਅਤੇ ਜੋਸ਼ ਤਾਂ ਠਾਠਾਂ ਮਾਰ ਹੀ ਰਿਹੈ, ਪਰ ਨਾਲ ਹੀ ਸਿਆਸਤਦਾਨ ਅਤੇ ਡਿਪਲੋਮੇਟ ਇਸਨੂੰ ਕੈਸ਼ ਕਰਾਉਣ ਵਿੱਚ ਲੱਗੇ ਜੀ-ਤੋੜ ਯਤਨਾਂ ਵਿੱਚ ਨੇ। ਹਲਾਤ ਹੀ ਕੁੱਝ ਅਜਿਹੇ ਨੇ ਕਿ ਦੋਵੇਂ ਪਾਸਿਆਂ ਦੀ ਆਬੋ-ਹਵਾ ਹੀ ਇਸ ਢੰਗ ਨਾਲ ਤਿਆਰ ਕੀਤੀ ਜਾ ਰਹੀ ਹੈ ਕਿ ਭਾਰਤ ਵਿੱਚ ਚੋਣ ਪ੍ਰਕ੍ਰਿਆ ਲਈ ਲੋਕਾਂ ਦਾ ਮਤ ਬਦਲਿਆ ਜਾ ਸਕੇ। ਲੋਕਸਭਾ ਚੋਣ ਸਿਰ ‘ਤੇ ਹੋਣ ਕਰਕੇ ਸਰਜਿਕਲ ਸਟ੍ਰਾਈਕ-2 ਨੂੰ ਸਿਆਸਤ ਦੇ ਲਈ ਇਸਤੇਮਾਲ ਕੀਤਾ ਜਾ ਰਿਹੈ। ਲੋਕ ਤਾਂ ਲੋਕ ਦੋਵੇਂ ਪਾਸਿਆਂ ਦਾ ਬਿਜਲਈ ਮੀਡੀਆ ਵੀ ਇਸ ਵਾਕਯੁੱਧ ਵਿੱਚ ਮਸਰੂਫ ਹੈ। ਭਾਰਤ ਵਿੱਚ ਤਾਂ ਇਸਦੇ ਅਰਥ ਅਤੇ ਕਾਰਨ ਤਾਂ ਸਭਦੀ ਸਮਝ ਵਿੱਚ ਆਉਂਦੇ ਨੇ, ਪਰ ਪਾਕਿਸਤਾਨ ਵਿੱਚ ਇਸਤੇ ਚਰਚਾ ਅਤੇ ਬਹਿਸ ਦੇ ਪਿੱਛੇ ਦੇ ਕਾਰਨ ਸਮਝ ਤੋਂ ਪਰੇ ਨੇ। ਇਹ ਸਭ ਸਾਹਮਣੇ ਹੋ ਰਿਹੈ ਤਾਂ ਪਰਦੇ ਦੇ ਪਿੱਛੇ ਕੀ ਹੋ ਰਿਹਾ ਹੋਏਗਾ।

ਖੈਰ, ਅਸੀਂ ਚਰਚਾ ਇਸ ਗੱਲ ਦੀ ਕਰ ਰਹੇ ਹਾਂ ਕਿ ਸੋਸ਼ਲ ਮੀਡੀਆ ‘ਤੇ ਦੋਵੇਂ ਮੁਲਕਾਂ ਨੂੰ ਜੰਗ ਵਿੱਚ ਧੱਕਣ ਨੂੰ ਸਭ ਤਿਆਰ ਨੇ, ਕੀ ਕਿਸੇ ਨੇ ਉਨ੍ਹਾਂ ਜਵਾਨਾਂ ਦੇ ਪਰਿਵਾਰਾਂ ਤੋਂ ਪੁੱਛਿਐ ਕਿ ਕੀ ਉਹ ਜੰਗ ਚਾਹੁੰਦੇ ਨੇ, ਜੋ ਜਾਂ ਤਾਂ ਸਰਹੱਦ ‘ਤੇ ਤਾਇਨਾਤ ਨੇ ਜਾਂ ਫਿਰ ਦੇਸ਼ ਲਈ ਸ਼ਹੀਦ ਹੋ ਗਏ। ਇਸ ਸਭ ਦੇ ਵਿਚਾਲੇ ਇੱਕ ਹੋਰ ਤਬਕਾ ਮਲਕੜੇ ਜਿਹੇ ਆਪਣਾ ਏਜੰਡਾ ਚਲਾਉਣ ਵਿੱਚ ਰੁੱਝਿਆ ਹੋਇਐ। ਅਸਲ ਵਿੱਚ, ਦੇਸ਼ ਨੂੰ ਸਰਹੱਦ ਦੇ ਪਾਰ ਦੇ ਦੁਸ਼ਮਣਾਂ ਤੋਂ ਐਨਾ ਖਤਰਾ ਨਹੀਂ, ਜਿੰਨਾ ਉਨ੍ਹਾਂ ਕੋਲੋਂ ਹੈ, ਜੋ ਦੇਸ਼ ਦਾ ਨਮਕ ਵੀ ਖਾ ਰਹੇ ਅਤੇ ਦੇਸ਼ ਦੇ ਨਾਲ ਗੱਦਾਰੀ ਵੀ ਕਰ ਰਹੇ ਨੇ। ਸਾਨੂੰ ਅਜਿਹੇ ਦੇਸ਼ ਦੇ ਅੰਦਰ ਦੇ ਦੁਸ਼ਮਣਾਂ ਜਾਂ ਫਿਰ ਕਾਲੀਆਂ ਭੇਡਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।

ਜੇਕਰ ਪਾਕਿਸਤਾਨ ਕੁੱਝ ਕਰਦਾ ਹੈ ਤਾਂ ਉਹ ਮੂੰਹ ‘ਤੇ ਪੱਟੀ ਬੰਨ੍ਹ ਲੈਂਦੇ ਨੇ, ਪਾਕਿਸਤਾਨ ਵਰ੍ਹਿਆਂ ਤੋਂ “ਪ੍ਰੋਕਸੀ ਵਾਰ” ਚਲਾ ਰਿਹੈ, ਉਹ ਇਨ੍ਹਾਂ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ, ਉਦੋਂ ਉਨ੍ਹਾਂ ਦੀ ਗੱਲਬਾਤ ਵਾਲਾ ਜੁਮਲਾ ਕਿੱਥੇ ਹੁੰਦਾ ਹੈ, ਇਹ ਜੁਮਲਾ ਉਸੇ ਵੇਲੇ ਨਿਕਲਦਾ ਹੈ, ਜਦ ਭਾਰਤ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਦਾ ਮੂੰਹ ਤੋੜ ਜਵਾਬ ਦਿੰਦਾ ਹੈ। ਭਾਰਤ ਦੇ ਲਾਲ ਸ਼ਹੀਦ ਹੁੰਦੇ ਇਨ੍ਹਾਂ ਲੋਕਾਂ ਨੂੰ ਨਜ਼ਰ ਨਹੀਂ ਆਉਂਦੇ, ਦਹਿਸ਼ਤਗਰਦ ਮਾਰੇ ਜਾਂਦੇ ਨੇ ਤਾਂ ਮਨੁੱਖੀ ਅਧਿਕਾਰਾਂ ਦੀ ਦੁਹਾਈ ਦੇਣ ਲੱਗ ਪੈਂਦੇ ਨੇ। ਜਵਾਨਾਂ ਦੇ ਸ਼ਹੀਦ ਹੋਣ ‘ਤੇ ਇੱਕ ਅਥਰੂ ਨਹੀਂ ਕਿਰਦਾ, ਦਹਿਸ਼ਤਗਰਦਾਂ ਲਈ ਅਸਮਾਨ ਸਿਰ ‘ਤੇ ਚੁੱਕ ਲੈਂਦੇ ਨੇ। ਕਹਾਉਂਦੇ ਤਾਂ ਮਿੱਟੀ ਦੇ ਲਾਲ ਨੇ, ਪਰ ਰਗਾਂ ਵਿੱਚ ਖੂਨ ਚਿੱਟਾ ਹੋ ਜਾਂਦਾ ਹੈ ਅਤੇ ਦਿਲ-ਓ-ਦਿਮਾਗ ਵਿੱਚ ਰਾਗ ਸਰਹੱਦ ਪਾਰ ਦੇ ਸ਼ੁਰੂ ਹੋ ਜਾਂਦੇ ਨੇ। ਇਨ੍ਹਾਂ ਲੋਕਾਂ ਦਾ ਇੱਕ ਹੀ ਏਜੰਡਾ ਰਿਹਾ ਹੈ, ਦੇਸ਼ ਵਿੱਚ ਕੁੱਝ ਵੀ ਚੰਗਾ ਹੋ ਰਿਹਾ ਹੋਵੇ ਤਾਂ ਪਹੁੰਚ ਜਾਓ ਕੋਪ-ਭਵਨ ਵਿੱਚ ਅਤੇ ਕੈਕਈ ਵਾਂਗ ਬਣ ਕੇ ਸ਼ੁਰੂ ਕਰ ਦਿਆ ਵਿਰਲਾਪ।

ਪੂਰੇ ਦੇਸ਼ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ ਸਾਡੇ ਜਵਾਨਾਂ ‘ਤੇ ਅਤੇ ਇਹ ਲੋਕ ਲੋਕਾਂ ਨੂੰ ਭੜਕਾਉਣ ਵਿੱਚ ਰੁੱਝੇ ਹੋਏ ਸਨ। ਕੀ ਫੇਸਬੁੱਕ, ਟ੍ਵਿਟਰ, ਵ੍ਹਾਟਸਐਪ ਅਤੇ ਸੋਸ਼ਲ ਮੀਡੀਆ ‘ਤੇ ਪ੍ਰੋਪੋਗੇਂਡਾ ਦੀ ਜੁਗਾਲੀ ਕੀਤੀ ਜਾ ਰਹੀ ਸੀ। ਇੰਝ ਲੱਗ ਰਿਹਾ ਸੀ ਕਿ ਸਾਡੀਆਂ ਫੌਜਾਂ ਤਾਂ ਸਰਹੱਦਾਂ ‘ਤੇ ਅੱਤਵਾਦੀਆਂ ਨਾਲ ਲੋਹਾ ਲੈ ਰਹੀਆਂ ਸਨ ਅਤੇ ਇਹ ਲੋਕ ਹੀ ਦੇਸ਼ ਦੇ ਅੰਦਰ ਮੁਲਕ ਦੇ ਖਿਲਾਫ ਲੋਕਾਂ ਨੂੰ ਉਕਸਾਅ ਰਹੇ ਨੇ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com