Home / ਧਰਮ / ਕਰੇਗਾ ਤਖ਼ਤ ਸ੍ਰੀ ਪਟਨਾ ਸਾਹਿਬ ਬੰਗਲਾਦੇਸ਼ ਦੇ ਗੁਰੂਘਰਾਂ ਦੀ ਸਾਂਭ–ਸੰਭਾਲ

ਕਰੇਗਾ ਤਖ਼ਤ ਸ੍ਰੀ ਪਟਨਾ ਸਾਹਿਬ ਬੰਗਲਾਦੇਸ਼ ਦੇ ਗੁਰੂਘਰਾਂ ਦੀ ਸਾਂਭ–ਸੰਭਾਲ

ਬੰਗਲਾਦੇਸ਼ ਦੇ ਗੁਰਦੁਆਰਾ ਸਾਹਿਬਾਨ ਦੀ ਦੇਖਭਾਲ ਤੇ ਸਾਂਭ–ਸੰਭਾਲ ਹੁਣ ‘ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ’ ਵੱਲੋਂ ਕੀਤੀ ਜਾਇਆ ਕਰੇਗੀ। ਇਸ ਵੇਲੇ ਬੰਗਲਾਦੇਸ਼ ਦੇ ਗੁਰੂਘਰਾਂ ਨੂੰ ਨਵਾਂ ਰੂਪ ਦੇਣ, ਉਨ੍ਹਾਂ ਦੀ ਮੁਰੰਮਤ ਕਰ ਕੇ ਉਨ੍ਹਾਂ ਦਾ ਸੁੰਦਰੀਕਰਨ ਕੀਤੇ ਜਾਣ ਦੀ ਰੂਪ–ਰੇਖਾ ਤਿਆਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹੋ ਤਖ਼ਤ ਸਾਹਿਬ ਹੁਣ ਦੱਖਣੀ ਭਾਰਤ ਵਿੱਚ ਸਥਿਤ ਗੁਰੂਘਰਾਂ ਦੀ ਸਾਂਭ–ਸੰਭਾਲ ਵੀ ਕਰੇਗਾ।

ਬੰਗਲਾਦੇਸ਼ ਵਿੱਚ ਕਿਸੇ ਵੇਲੇ 18 ਗੁਰਦੁਆਰਾ ਸਾਹਿਬ ਸਨ ਪਰ ਹੁਣ ਸਿਰਫ਼ ਪੰਜ ਗੁਰੂਘਰ ਰਹਿ ਗਏ ਹਨ; ਬਾਕੀ ਦੇ 1971 ’ਚ ਬੰਗਲਾਦੇਸ਼ ਦੀ ਜੰਗ ਦੌਰਾਨ ਬਰਬਾਦ ਹੋ ਗਏ ਸਨ।

ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਟਨਾ ਵਿਖੇ ਉਸੇ ਅਸਥਾਨ ’ਤੇ ਪੈਦਾ ਹੋਏ ਸਨ; ਜਿੱਥੇ ਇਸ ਵੇਲੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਸਥਾਪਤ ਹੈ। ਤਖ਼ਤ ਸਾਹਿਬ ਪ੍ਰਬੰਧਕੀ ਕਮੇਟੀ ਨੇ ਪਿਛਲੇ ਹਫ਼ਤੇ ਬੰਗਲਾਦੇਸ਼ ਵਿੱਚ ਜਾ ਕੇ ਉਸ ਦੇਸ਼ ਦੇ ਗੁਰੂਘਰਾਂ ਦੀ ਹਾਲਤ ਜਾਣਨ ਦਾ ਫ਼ੈਸਲਾ ਕੀਤਾ ਸੀ। ਉਸ ਤੋ਼ ਬਾਅਦ ਹੀ ਉਨ੍ਹਾਂ ਨੂੰ ਨਵਾਂ ਰੁਪ ਦੇਣ ਬਾਰੇ ਕੋਈ ਪ੍ਰਭਾਵਸ਼ਾਲੀ ਯੋਜਨਾ ੳਲੀਕੀ ਜਾ ਸਕੇਗੀ।

ਕਮੇਟੀ ਦੇ ਜਨਰਲ ਸਕੱਤਰ ਮਹਿੰਦਰ ਪਾਲ ਸਿੰਘ ਢਿਲੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਬੰਗਲਾਦੇਸ਼ ਵਿੱਚ ਮੌਜੂਦ ਗੁਰਦੁਆਰਾ ਸਾਹਿਬਾਨ ਨੂੰ ਨਵਾਂ ਰੰਗ–ਰੂਪ ਦੇਣ ਤੇ ਉਨ੍ਹਾਂ ਨੂੰ ਹੋਰ ਵਿਕਸਤ ਕਰਨ ਦੀ ਲੋੜ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਖੋਜਕਾਰ ਤੇ ਪ੍ਰੋਫ਼ੈਸਰ ਡਾ. ਪਰਮਵੀਰ ਸਿੰਘ ਨੂੰ ਤਖ਼ਤ ਸਾਹਿਬ ਦੀ ਕਮੇਟੀ ਵੱਲੋਂ ਬੰਗਲਾਦੇਸ਼ ’ਚ ਜਾ ਕੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਦਸ਼ਾ ਜਾਣਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਗੁਰਦੁਆਰਾ ਸਾਹਿਬ ਜਿੱਥੇ ਸਥਾਪਤ ਹਨ, ਉਨ੍ਹਾਂ ਥਾਵਾਂ ਨੂੰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ 9ਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਚਰਨ–ਛੋਹ ਪ੍ਰਾਪਤ ਹੈ। ਉਨ੍ਹਾਂ ਗੁਰੂਘਰਾਂ ਵਿੱਚ ਗੁਰੂ ਸਾਹਿਬਾਨ ਦੇ ਪੈੜ–ਚਿੰਨ੍ਹ ਵੀ ਮੌਜੂਦ ਹਨ।

ਡਾ. ਪਰਮਵੀਰ ਸਿੰਘ ਬੰਗਲਾਦੇਸ਼ ਦੇ ਗੁਰੂਘਰਾਂ ਦਾ ਮੁਲਾਂਕਣ ਕਰ ਕੇ ਆਪਣੀ ਰਿਪੋਰਟ ਪੇਸ਼ ਕਰਨਗੇ।

ਬੰਗਲਾਦੇਸ਼ ਵਿੱਚ 1960ਵਿਆਂ ਦੇ ਅਖ਼ੀਰ ਤੱਕ 18 ਗੁਰਦੁਆਰਾ ਸਾਹਿਬ ਸਨ ਪਰ 1971 ਦੇ ਸੰਘਰਸ਼ ਤੋਂ ਬਾਅਦ ਉੱਥੇ ਸਿਰਫ਼ ਪੰਜ ਗੁਰੂਘਰ ਹੀ ਰਹਿ ਗਏ ਹਨ; ਜਿਨ੍ਹਾਂ ਵਿੱਚੋਂ ਦੋ ਉਸ ਦੇਸ਼ ਦੀ ਰਾਜਧਾਨੀ ਢਾਕਾ ਵਿਖੇ ਸਥਿਤ ਹਨ, ਦੋ ਚਿਟਾਗੌਂਗ ’ਚ ਹਨ ਅਤੇ ਪੰਜਵਾਂ ਗੁਰੂਘਰ ਢਾਕਾ ਤੋਂ 200 ਕਿਲੋਮੀਟਰ ਦੂਰ ਮੇਮਨਸਿੰਘ ਵਿਖੇ ਸਥਾਪਤ ਹੈ।

ਕੁਝ ਸਾਲ ਪਹਿਲਾਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਇਕਬਾਲ ਸਿੰਘ ਹੁਰਾਂ ਨੇ ਬੰਗਲਾਦੇਸ਼ ਦੇ ਗੁਰੂਘਰਾਂ ਦਾ ਜਾਇਜ਼ਾ ਲੈਣ ਲਈ ਇੱਕ ਟੀਮ ਬਣਾਈ ਸੀ ਪਰ ਕਈ ਕਾਰਨਾਂ ਕਰ ਕੇ ਉਹ ਟੀਮ ਸਹੀ ਢੰਗ ਨਾਲ ਆਪਣਾ ਕੰਮ ਨੇਪਰੇ ਨਹੀਂ ਚਾੜ੍ਹ ਸਕੀ ਸੀ।

ਸ੍ਰੀ ਢਿਲੋਂ ਨੇ ਦੱਸਿਆ ਕਿ 1971 ਦੀ ਜੰਗ ਦੌਰਾਨ ਬੰਗਲਾਦੇਸ਼ ਵਿੱਚ 9 ਗੁਰਦੁਆਰਾ ਸਾਹਿਬਾਨ ਦੇ ਢਹਿ–ਢੇਰੀ ਹੋਣ ਦੇ ਪ੍ਰਮਾਣ ਵੀ ਮੌਜੂਦ ਹਨ ਪਰ ਸਥਾਨਕ ਸਰਕਾਰਾਂ ਨੇ ਉਨ੍ਹਾਂ ਦੀ ਮੁੜ–ਉਸਾਰੀ ਵੱਲ ਕਦੇ ਕੋਈ ਧਿਆਨ ਹੀ ਨਹੀਂ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਢਾਕਾ ਯੂਨੀਵਰਸਿਟੀ ਵੀ ਗੁਰਦੁਆਰਾ ਸਾਹਿਬ ਦੀ ਜ਼ਮੀਨ ’ਤੇ ਬਣੀ ਹੋਈ ਹੈ। ਜਿਹੜਾ ਗੁਰੂਘਰ ਪਹਿਲਾਂ ਢਹਿ–ਢੇਰੀ ਹੋ ਗਿਆ ਸੀ, ਉਸ ਦੀ ਕਾਫ਼ੀ ਜ਼ਮੀਨ ਖ਼ਾਲੀ ਪਈ ਸੀ। ਹੁਣ ਸਥਾਨਕ ਅਧਿਕਾਰੀਆਂ ਤੋਂ ਵਾਜਬ ਦਸਤਾਵੇਜ਼ ਲੈ ਕੇ ਉਸ ਜ਼ਮੀਨ ਦੀ ਮਾਲਕੀ ਬਾਰੇ ਪਤਾ ਕੀਤਾ ਜਾਵੇਗਾ ਤੇ ਉੱਥੇ ਜ਼ਮੀਨ ਵਿੱਚ ਕੁਝ ਸੁਧਾਰ ਲਿਆਂਦੇ ਜਾਣਗੇ।

About Admin

Check Also

ਕਸ਼ਮੀਰ ‘ਚ ਮੌਜੂਦਾ ਸਮੇਂ ‘ਚ ਬਣੇ ਤਨਾਣਪੂਰਨ ਹਾਲਾਤ ਵਿਚਕਾਰ ਕਰੀਬ 1 ਮਹੀਨੇ ਬਾਅਦ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ

ਕਸ਼ਮੀਰ ‘ਚ ਮੌਜੂਦਾ ਸਮੇਂ ‘ਚ ਬਣੇ ਤਨਾਣਪੂਰਨ ਹਾਲਾਤ ਵਿਚਕਾਰ ਕਰੀਬ 1 ਮਹੀਨੇ ਬਾਅਦ ਸ਼ੁਰੂ ਹੋ …

WP Facebook Auto Publish Powered By : XYZScripts.com