Home / ਸਪੈਸ਼ਲ / ਮੱਧ ਪ੍ਰਦੇਸ਼ ‘ਚ ਸਿੱਖਾਂ ‘ਤੇ ਪੁਲਿਸ ਦਾ ਅੱਤਿਆਚਾਰ, ਜੰਗਲ ‘ਚ ਲੁੱਕ-ਛਿਪ ਕਰ ਰਹੇ ਹਨ ਗੁਜ਼ਾਰਾ

ਮੱਧ ਪ੍ਰਦੇਸ਼ ‘ਚ ਸਿੱਖਾਂ ‘ਤੇ ਪੁਲਿਸ ਦਾ ਅੱਤਿਆਚਾਰ, ਜੰਗਲ ‘ਚ ਲੁੱਕ-ਛਿਪ ਕਰ ਰਹੇ ਹਨ ਗੁਜ਼ਾਰਾ

Mp sikligar sikhs  face safety issues

ਬੁਰਹਾਨਪੁਰ: ਮੱਧ ਪ੍ਰਦੇਸ਼ ਸੂਬੇ ਵਿੱਚ ਵੱਸਦੇ ਸਿਕਲੀਗਰ ਸਿੱਖ ਪਰਿਵਾਰਾਂ ਨੂੰ ਆਪਣਾ ਧਰਮ ਬਦਲਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇੱਥੇ ਵੱਸਦੇ ਸਿਕਲੀਗਰ ਸਿੱਖਾਂ ਦੇ ਦੱਸਣ ਮੁਤਾਬਕ ਸੂਬੇ ਦੀ ਪੁਲਿਸ ਦਾਹੜੀ ਤੇ ਦਸਤਾਰ ਦੇਖ ਕੇ ਉਨ੍ਹਾਂ ਨੂੰ ਗੈਰਕਾਨੂੰਨੀ ਹਥਿਆਰਾਂ ਦਾ ਤਸਕਰ ਕਹਿ ਕੇ ਅੱਤਿਆਚਾਰ ਕਰਦੀ ਹੈ।

15 ਤੋਂ 20 ਅਪ੍ਰੈਲ ਤੱਕ ਪੁਲਿਸ ਨੇ ਸੂਬੇ ਅੰਦਰ ਗੈਰਕਾਨੂੰਨੀ ਹਥਿਆਰਾਂ ਖਿਲਾਫ ਮੁਹਿੰਮ ਛੇੜੀ ਸੀ। ਇਸ ਤਹਿਤ ਬੁਰਹਾਨਪੁਰ ਜ਼ਿਲ੍ਹੇ ਦੇ ਪਿੰਡ ਪਚੌਰੀ ਵਾਸੀਆਂ ਨੂੰ ਖਾਸ ਤੌਰ ‘ਤੇ ਪ੍ਰੇਸ਼ਾਨ ਕੀਤਾ ਗਿਆ। ਪੁਲਿਸ ਲਗਾਤਾਰ 3 ਦਿਨ ਪਿੰਡ ਵਿੱਚ ਛਾਣਬੀਣ ਕਰਦੀ ਰਹੀ, ਜੋ ਵੀ ਦਸਤਾਰਧਾਰੀ ਜਾਂ ਦਸਤਾਰ-ਦਾਹੜੀ ਵਾਲਾ ਸਿੱਖ ਦਿੱਸਿਆ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਨੇ ਕੁੱਟਮਾਰ ਕਰਕੇ ਅੱਤਿਆਚਾਰ ਕੀਤਾ।

ਸਿਕਲੀਗਰ ਸਿੱਖਾਂ ਮੁਤਾਬਕ ਹਾਲਾਤ ਇੰਨੇ ਬਦਤਰ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਜੰਗਲਾਂ ਜਾਂ ਹੋਰ ਥਾਵਾਂ ‘ਤੇ ਲੁਕ-ਛਿਪ ਕੇ ਰਹਿਣਾ ਪੈ ਰਿਹਾ ਹੈ। ਉਹ ਦੋ ਵਕਤ ਦੀ ਰੋਟੀ ਨੂੰ ਵੀ ਤਰਸ ਗਏ ਹਨ। ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਕਿ ਸਿੱਖਾਂ ਨੂੰ ਆਪਣਾ ਧਰਮ ਤਬਦੀਲ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸੀਮਤ ਆਰਥਿਕ ਸਾਧਨਾਂ ਕਰਕੇ ਇਹ ਲੋਕ ਨਾ ਹੀ ਤਾਂ ਕਿਧਰੇ ਹੋਰ ਸੂਬੇ ਜਾ ਕੇ ਪਨਾਹ ਲੈ ਸਕਦੇ ਹਨ ਤੇ ਨਾ ਹੀ ਇਨ੍ਹਾਂ ਨੂੰ ਇੱਥੇ ਰੋਜ਼ੀ-ਰੋਟੀ ਕਮਾਉਣ ਦਿੱਤੀ ਜਾ ਰਹੀ ਹੈ।

ਇਸ ਕਰਕੇ ਪਿੰਡ ਪਚੌਰੀ ਦੇ 150 ਪਰਿਵਾਰਾਂ ਨੇ ਹੁਣ ਆਪਣਾ ਵਿਰਸਾ ਤਿਆਗਣ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਇਨ੍ਹਾਂ ਪਰਿਵਾਰਾਂ ਨੇ ਮਹਾਂਪੰਚਾਇਤ ਨੂੰ ਸੂਚਿਤ ਕਰ ਦਿੱਤਾ ਹੈ। ਸਿਕਲੀਗਰ ਸਿੱਖਾਂ ਨੇ ਆਪਣੇ ਹਾਲਾਤ ਨੂੰ ਬਿਆਨ ਕਰਦਿਆਂ ਕਿਹਾ ਹੈ ਕਿ ਸਾਡਾ ਸਮਾਜ ਪਿਛਲੇ 300 ਸਾਲਾਂ ਤੋਂ ਸ਼ਸਤਰ ਬਣਾਉਣ ਦਾ ਕੰਮ ਕਰਦਾ ਆ ਰਿਹਾ ਹੈ, ਪਰ ਮੁਗਲਾਂ ਤੇ ਅੰਗਰੇਜ਼ਾਂ ਦੇ ਸਮੇਂ ਵੀ ਉਨ੍ਹਾਂ ‘ਤੇ ਇੰਨਾ ਅੱਤਿਆਚਾਰ ਨਹੀਂ ਹੁੰਦਾ ਸੀ ਜਿੰਨਾ ਅੱਜ ਪੁਲਿਸ ਕਰ ਰਹੀ ਹੈ।

ਹੁਣ ਇਹ ਮਜ਼ਬੂਰ ਸਿੱਖ ਪਰਿਵਾਰ ਆਪਣੇ ਪੰਜ ਕੱਕਾਰ ਭਾਵ ਕੇਸ, ਕੰਘਾ, ਕੜਾ, ਕਿਰਪਾਨ ਤੇ ਕਛਿਹਰਾ ਤਿਆਗ ਦੇਣਗੇ ਤਾਂ ਕਿ ਪੁਲਿਸ ਦੇ ਅੱਤਿਆਚਾਰ ਤੋਂ ਬਚ ਸਕਣ। ਉਨ੍ਹਾਂ ਸਾਫ ਕੀਤਾ ਹੈ ਕਿ ਹਥਿਆਰ ਬਣਾਉਣਾ ਉਨ੍ਹਾਂ ਦਾ ਪਿਤਾ ਪੁਰਖੀ ਕਿੱਤਾ ਹੈ ਤੇ ਗੁਰੂ ਸਾਹਿਬਾਨਾਂ ਦੇ ਸਮੇਂ ਜੰਗਾਂ ਯੁੱਧਾਂ ਵੇਲੇ ਲਈ ਵੀ ਉਹ ਸ਼ਸਤਰ ਤਿਆਰ ਕਰਕੇ ਦਿੰਦੇ ਸਨ। ਉਨ੍ਹਾਂ ਕਿਹਾ ਕਿ ਉਹ ਆਪਣੀ ਪਛਾਣ ਜ਼ਰੂਰ ਤਿਆਗ ਰਹੇ ਹਨ ਪਰ ਉਹ ਸਦਾ ਗੁਰੂ ਸਾਹਿਬਾਨਾਂ ਦੇ ਦੱਸੇ ਰਾਹ ‘ਤੇ ਚਲਦੇ ਰਹਿਣਗੇ। ਇਸ ਸਬੰਧੀ ਮੱਧ ਪ੍ਰਦੇਸ਼ ਪੁਲਿਸ ਨਾਲ ਗੱਲਬਾਤ ਨਹੀਂ ਹੋ ਸਕੀ ਹੈ, ਖਬਰ ਦਾ ਅਪਡੇਟ ਜਲਦ ਦਿੱਤਾ ਜਾਵੇਗਾ।

 

About Admin

Check Also

ਹੁਣ ਚਾਕਲੇਟ ਨਾਲ ਮੁਫਤ ਮਿਲੇਗਾ 1GB ਡਾਟਾ..

JIO ਆਪਣੀ ਦੂਜੀ ਵਰ੍ਹੇਗੰਢ ਮਨਾ ਰਿਹਾ ਹੈ। ਇਸ ਖਾਸ ਮੌਕੇ ‘ਤੇ ਜਿਓ ਆਪਣੇ ਗਾਹਕਾਂ ਨੂੰ …

WP Facebook Auto Publish Powered By : XYZScripts.com