ਪਾਕਿਸਤਾਨ ਦੇ ਗ੍ਰਹਿ ਮੰਤਰੀ ਅਹਿਸਾਨ ਇਕਬਾਲ ਨੂੰ ਐਤਵਾਰ ਨੂੰ ਇਕ ਰੈਲੀ ਵਿਚ ਗੋਲੀ ਮਾਰਨ ਦੀ ਖਬਰ ਹੈ। ਇਹ ਘਟਨਾ ਨਰੋਵਾਲ ਸ਼ਹਿਰ ਦੇ ਕਾਂਜਰੂਰ ਤਹਿਸੀਲ ਵਿਚ ਹੋਈ ਹੈ। ਮੰਤਰੀ ਉੱਤੇ ਹਮਲਾ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਓ ਟੀਵੀ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੂੰ ਗੋਲੀ ਉਦੋਂ ਮਾਰੀ ਗਈ ਜਦੋਂ ਉਹ ਆਪਣੇ ਵਾਹਨ ਵਿਚ ਬੈਠ ਰਹੇ ਸਨ। ਗੋਲੀ ਉਨ੍ਹਾਂ ਦੀ ਬਾਂਹ ਵਿਚ ਲੱਗੀ ਹੈ। ਉਨ੍ਹਾਂ ਦੇ ਰਿਸ਼ਤੇਦਾਰ ਇਕਬਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਉਹ ਖਤਰੇ ਤੋਂ ਬਾਹਰ ਹਨ।
ਗ੍ਰਹਿ ਰਾਜ ਮੰਤਰੀ ਤਲਾਲ ਚੌਧਰੀ ਨੇ ਦੱਸਿਆ ਕਿ ਹਮਲਾਵਰ ਦੀ ਉਮਰ 20-22 ਸਾਲ ਹੈ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸ ਦਈਏ ਕਿ ਪਾਕਿਸਤਾਨ ਵਿਚ 10 ਸਾਲ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਉੱਤੇ ਇਸੇ ਤਰ੍ਹਾਂ ਇਕ ਰੈਲੀ ਦੌਰਾਨ ਹਮਲਾ ਕੀਤਾ ਗਿਆ ਸੀ ਜਿਸ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ।