Home / ਪੰਜਾਬ / ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਲਗਾਤਾਰ ਵੱਧਦੇ ਨਸ਼ਿਆਂ ਵਿਰੁੱਧ

ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਲਗਾਤਾਰ ਵੱਧਦੇ ਨਸ਼ਿਆਂ ਵਿਰੁੱਧ

ਮੁਹਾਲੀ ਫੇਜ਼ 7 ਦੇ ਲਾਈਟ ਚੌਂਕ ਵਿੱਚ ਭਾਜਪਾ ਵਲੋਂ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਦੀ ਅਗਵਾਈ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਗੁਟਕਾ ਸਾਹਿਬ ਦੀ ਕਸਮ ਖਾ ਕੇ ਇਕ ਵਾਅਦਾ ਕੀਤਾ ਸੀ ਕਿ ਚਾਰ ਹਫਤਿਆਂ ਵਿੱਚ ਨਸ਼ਾ ਖਤਮ ਕਰਾਂਗਾ।

ਪਰ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਦੇ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਪੰਜਾਬ ਵਿਚੋਂ ਨਸ਼ੇ ਨੂੰ ਖਤਮ ਤਾਂ ਕੀ ਕਰਨਾ ਸੀ ਉਲਟਾ ਨਸ਼ੇ ਦੀ ਵਰਤੋਂ ਬਹੁਤ ਜਿਆਦਾ ਵੱਧ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਨੌਜਵਾਨ ਆਏ ਦਿਨ ਨਸ਼ੇ ਕਾਰਨ ਮਰ ਰਹੇ ਹਨ, ਜਿਸ ਦੀ ਪੂਰੀ ਜਿੰਮੇਵਾਰੀ ਕਾਂਗਰਸ ਸਰਕਾਰ ਦੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਅਕਾਲੀ ਦਲ ਉਪਰ ਨਸ਼ੇ ਦੇ ਸੌਦਾਗਰਾਂ ਨਾਲ ਰਲੇ ਹੋਣ ਦੇ ਦੋਸ਼ ਲਗਾਏ ਜਾਂਦੇ ਸਨ ਪਰ ਹੁਣ ਨਸ਼ੇ ਦੀ ਹਾਲਤ ਇਹ ਹੈ ਕਿ ਪਿੰਡਾਂ ਦੇ ਪਿੰਡ ਨਸ਼ੇ ਕਾਰਨ ਬਰਬਾਦ ਹੋ ਰਹੇ ਹਨ। ਹੁਣ ਅਸੀਂ ਕਾਂਗਰਸ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅਮਰਿੰਦਰ ਸਿੰਘ ਨੂੰ ਆਪਣੀ ਨਾਕਾਮਯਾਬੀ ‘ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਕਿਸਾਨ ਯੂਨੀਅਨਾਂ ਨੇ ਵੀ ਪੰਜਾਬ ਸਰਕਾਰ ਨੂੰ ਇਸ ਮੁੱਦੇ ‘ਤੇ ਘੇਰਿਆ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਪੰਜਾਬ ਸਰਕਾਰ ਨੂੰ ਸੂਬੇ ਵਿੱਚ ਹੁੰਦੀ ਨਸ਼ਿਆਂ ਦੀ ਵਿਕਰੀ ਲਈ ਜਿੰਮੇਵਾਰ ਦੱਸਦਿਆਂ ਨਸ਼ੇ ਕਾਰਨ ਹੋ ਰਹੀਆਂ ਨੌਜਵਾਨਾਂ ਦੀ ਮੌਤਾਂ ਲਈ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਪੂਰੀ ਤਰ੍ਹਾਂ ਜਿੰਮੇਵਾਰ ਠਹਿਰਾਇਆ ਹੈ ਅਤੇ ਕਿਹਾ ਹੈ ਕਿ ਸਰਕਾਰ ਆਪਣੀ ਇਸ ਜਿੰਮੇਵਾਰੀ ਤੋਂ ਭੱਜ ਨਹੀਂ ਸਕਦੀ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ, ਮੀਤ ਪ੍ਰਧਾਨ ਮੇਹਰ ਸਿੰਘ ਥੇੜੀ, ਖਜਾਨਚੀ ਮਾਨ ਸਿੰਘ, ਜਿਲ੍ਹਾ ਪਟਿਆਲਾ ਦੇ ਜਨਰਲ ਸਕੱਤਰ ਜਸਵੰਤ ਸਿੰਘ ਨਡਿਆਲੀ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਅਫਸਰਸ਼ਾਹੀ ਅਤੇ ਰਾਜਨੇਤਾਵਾਂ ਦੀ ਮਿਲੀਭੁਗਤ ਨਾਲ ਹੀ ਵਿਕ ਰਿਹਾ ਹੈ।

ਉਹਨਾਂ ਕਿਹਾ ਕਿ ਪੁਰਾਣੇ ਜਮਾਨੇ ਵਿੱਚ ਜੇ ਕੋਈ ਨਾਜਾਇਜ ਸ਼ਰਾਬ ਵੀ ਕੱਢਦਾ ਸੀ ਤਾਂ ਉਹ ਇਹ ਕੰਮ ਡਰਦਾ ਡਰਦਾ ਅਤੇ ਚੋਰੀ ਛਿਪੇ ਕਰਦਾ ਸੀ ਇਸਦੇ ਨਾਲ ਹੀ ਅਜਿਹਾ ਕੰਮ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਪੁਲੀਸ ਵੀ ਮੁਸਤੈਦ ਰਹਿੰਦੀ ਸੀ ਪਰ ਹੁਣ ਤਾਂ ਉਲਟਾ ਜਮਾਨਾ ਆ ਗਿਆ ਹੈ ਅਤੇ ਲੋਕਾਂ ਨੂੰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਥਾਣਿਆਂ ਅੱਗੇ ਧਰਨੇ ਲਗਾਉਣੇ ਪੈ ਰਹੇ ਹਨ| ਨਸ਼ਾ ਤਸਕਰਾਂ ਦੇ ਹੌਂਸਲੇ ਏਨੇ ਜਿਆਦਾ ਵੱਧ ਗਏ ਹਨ ਕਿ ਉਹਨਾਂ ਵਲੋਂ ਨਸ਼ਾ ਤਸਕਰੀ ਦਾ ਵਿਰੋਧ ਕਰਨ ਵਾਲੇ ਤਰਨਤਾਰਨ ਜਿਲ੍ਹੇ ਦੇ ਇਕ ਸਾਬਕਾ ਫੌਜੀ ਦੀਆਂ ਉਸਦੇ ਘਰ ਵਿੱਚ ਜਾ ਕੇ ਲੱਤਾਂ ਤੋੜ ਦਿੱਤੀਆਂ ਗਈਆਂ ਹਨ।

About Admin

Check Also

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ …

WP Facebook Auto Publish Powered By : XYZScripts.com