Punjab

ਪਾਕਿਸਤਾਨ ਖ਼ਿਲਾਫ਼ ਉਬਾਲਾ,ਕੈਪਟਨ ਗੁੱਸੇ ‘ਚ ਕਹਿ ਗਏ ਵੱਡੀਆਂ ਗੱਲਾਂ

ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਵੀਰਵਾਰ ਸ਼ਾਮ ਹੋਏ ਦਹਿਸ਼ਤੀ ਹਮਲੇ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਜਿੱਥੇ ਕੈਪਟਨ ਦੇ ਮੰਤਰੀ ਨਵਜੋਤ ਸਿੱਧੂ ਗੱਲਬਾਤ ਰਾਹੀਂ ਇਸ ਮਸਲੇ ਦਾ ਪੱਕਾ ਹੱਲ ਲੱਭਣ ਦੀ ਸਲਾਹ ਦੇ ਰਹੇ ਹਨ, ਉੱਥੇ ਮੁੱਖ ਮੰਤਰੀ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਜਾਵੇ।

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਦਾ ਇਜਲਾਸ ਮੁਲਤਵੀ ਹੋਣ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਪੂਰੀ ਤਰ੍ਹਾਂ ਸੁਰੱਖਿਅਤ ਹੈ ਪਰ ਜੇਕਰ ਪਾਕਿ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਇੱਧਰ ਅੱਖ ਕਰੇਗਾ ਤਾਂ ਉਸ ਨੂੰ ਸਬਕ ਸਿਖਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣਾ ਆਉਂਦਾ ਹੈ।

ਕੈਪਟਨ ਨੇ ਕਿਹਾ ਕਿ ਪਾਕਿ ਫ਼ੌਜ ਮੁਖੀ ਬਾਜਵਾ ਸਮਝ ਲਵੇ ਕਿ ਅਸੀਂ ਪੰਜਾਬੀ ਹਾਂ। ਉਨ੍ਹਾਂ ਪਾਕਿ ਦੇ ਪ੍ਰਧਾਨ ਮੰਤਰੀ ਨੂੰ ਵੀ ਲਪੇਟੇ ਵਿੱਚ ਲੈਂਦਿਆਂ ਕਿਹਾ ਕਿ ਪੀਐਮ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਕਰ ਰਹੇ ਹਨ ਅਤੇ ਪਾਕਿ ਫ਼ੌਜ ਦੀਆਂ ਕਰਤੂਤਾਂ ਕੁਝ ਹੋਰ ਹਨ। ਕੈਪਟਨ ਨੇ ਆਸਵੰਦ ਹੁੰਦਿਆਂ ਕਿਹਾ ਕਿ ਇਸ ਘਟਨਾ ਕਾਰਨ ਲਾਂਘੇ ‘ਤੇ ਫਰਕ ਨਹੀਂ ਪੈਣਾ ਚਾਹੀਦਾ ਕਿਉਂਕਿ ਲਾਂਘਾ ਸਿੱਖਾਂ ਦੀ ਪੁਰਾਣੀ ਮੰਗ ਹੈ।