Punjab

ਖੇਤਾਂ ‘ਚ ਸ਼ੁਰੂ ਕੀਤੀ ਫੁੱਲਾਂ ਦੀ ਕਾਸ਼ਤ ਬੇਰੁਜ਼ਗਾਰ ਨੌਜਵਾਨਾਂ ਨੇ

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਥੇ ਦੀ ਧਰਤੀ ਵਿੱਚ ਤਰ੍ਹਾਂ-ਤਰ੍ਹਾਂ ਦੀ ਫਸਲਾਂ ਤਿਆਰ ਕਰਕੇ ਇਥੋਂ ਦਾ ਕਿਸਾਨ ਪੂਰੇ ਭਾਰਤ ਦਾ ਹੀ ਨਹੀ ਸਗੋ ਸਾਰੀ ਦੁਨੀਆ ਦਾ ਪੇਟ ਭਰ ਰਿਹਾ ਹੈ। ਇਥੇ ਹੀ ਬੱਸ ਨਹੀ ਕਿ ਪੰਜਾਬ ਦੇ ਕਿਸਾਨ ਸਮੇਂ-ਸਮੇਂ ਤੇ ਨਿਵੇਕਲੀਆਂ ਕਿਸਮਾਂ ਦੀਆਂ ਫਸਲਾਂ ਤਿਆਰ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਵਿੱਚ ਵੀ ਯਤਨਸ਼ੀਲ ਹੈ. ਇਸੇ ਤਰ੍ਹਾਂ ਦੀ ਹੀ ਮਿਸਾਲ ਕਾਇਮ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਦੇ ਉੱਦਮੀ ਨੌਜਵਾਨ  ਕਿਸਾਨ ਨੇ ਜਿਨ੍ਹਾਂ ਨੇ ਝੋਨੇ ਅਤੇ ਕਣਕ ਦੀ ਰਿਵਾਇਤੀ ਫਸਲ ਨੂੰ ਤਿਆਗ ਕੇ ਆਪਣੇ ਖੇਤਾਂ ਵਿੱਚ ਫੁੱਲਾ ਦੀ ਕਾਸ਼ਤ ਸ਼ੁਰੂ ਕੀਤੀ ਹੈ।

ਅੱਜ ਆਪਣੇ ਖੇਤਾਂ ਵਿੱਚ ਫੁੱਲਾਂ ਦੀ ਖੇਤੀ ਦੀ ਸਾਂਭ-ਸੰਭਾਲ ਕਰ ਰਹੇ ਨੌਜਵਾਨਾਂ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਹਰਮੀਤ ਸਿੰਘ ਖੋਸਾ ਪਾਂਡੋ, ਨਵਜੋਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਬਜੁਰਗ ਜੋ ਲੰਬੇ ਸਮੇ ਤੋ ਕਣਕ ਤੇ ਝੋਨੇ ਦੀ ਫਸਲ ‘ਤੇ ਹੀ ਨਿਰਭਰ ਸਨ ਜਿੰਨਾ ਨੂੰ ਹਮੇਸਾ ਨਾਮਾਤਰ ਮੁਨਾਫਾ ਹੀ ਮਿਲਦਾ ਸੀ ਅਤੇ ਇਸ ਨਾਲ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਸੀ। ਨੋਜਵਾਨਾ ਨੇ ਕਿਹਾ ਉਹ ਪੜ੍ਹੇ-ਲਿਖੇ ਹਨ, ਪਰ ਸਰਕਾਰ ਵੱਲੋਂ ਸਰਕਾਰੀ ਨੌਕਰੀ ਨਾ ਮਿਲਣ ਕਾਰਨ ਬੇਰੁਜ਼ਗਾਰ ਹੋਣ ਕਾਰਨ ਉਨ੍ਹਾਂ ਖੇਤੀ ਧੰਦੇ ਨੂੰ ਨਿਵੇਕਲੇ ਢੰਗ ਤਰੀਕਿਆਂ ਨਾਲ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋ ਫੁੱਲਾਂ ਦੀ ਕਾਸ਼ਤ ਕਰਨ ਲਈ 6 ਮਹੀਨੇ ਦਾ ਕੋਰਸ ਕੀਤਾ ਤੇ ਆਪਣੇ ਖੇਤਾ ਵਿੱਚ ਇਸ ਵਾਰ ਕਣਕ ਦੀ ਫਸਲ ਨੂੰ ਛੱਡ ਕੇ ਆਪਣੀ 3.5 ਏਕੜ ਜਮੀਨ ਵਿੱਚ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ ਹੈ।

ਇਸ ਵਾਰ ਅਸੀਂ ਆਪਣੇ ਖੇਤ ਦੇਜੀ,ਨਸਟਰਸ਼ੀਅਮ, ਕਲਾਰਕੀਆ, ਕੋਰੀਓਪਸਿਸ, ਗੇਂਦਾ ਤੋ ਇਲਾਵਾ ਕਈ ਹੋਰ ਕਿਸਮ ਦੇ ਫੁੱਲ ਬੀਜੇ ਜਾਂਦੇ ਹਨ। ਇਨ੍ਹਾਂ ਫੁੱਲਾਂ ਦੀ ਸ਼ੀਡ (ਬੀਜ) ਤਿਆਰ ਕਰਕੇ ਅਸੀ ਫੁੱਲਾਂ ਦੀ ਖੇਤੀ ਦੇ ਮਾਹਿਰ ਡਾਕਟਰਾਂ, ਵਿਗਿਆਨੀਆਂ ਦੀ ਸਹਾਇਤਾ ਨਾਲ ਵਿਦੇਸ਼ਾ ਨੂੰ ਭੇਜਾਗੇ. ਉਨ੍ਹਾਂ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਉਨ੍ਹਾਂ ਨੂੰ ਫੁੱਲਾਂ ਦੀ ਕਾਸ਼ਤ ਤੋ 75 ਤੋ 80 ਹਜਾਰ ਦੀ ਆਮਦਨ ਹੋਵੇਗੀ। ਜਦੋ ਕਿ ਕਣਕ ਅਤੇ ਝੋਨੇ ਤੋ ਸਾਨੂੰ 40-45 ਹਜਾਰ ਦੇ ਕਰੀਬ ਹੀ ਆਮਦਨ ਹੁੰਦੀ ਸੀ। ਉਨ੍ਹਾਂ ਨੇ ਕਿਹਾ ਫੁੱਲਾਂ ਦੀ ਕਾਸ਼ਤ ਤੇ ਪਾਣੀ, ਖਾਦਾਂ ਦੀ ਬੱਚਤ ਵੀ ਹੁੰਦੀ ਹੈ। ਉਨ੍ਹਾਂ ਨੇ ਕਿ ਇਥੇ ਹੀ ਬੱਸ ਨਹੀ ਕਿ ਫੁੱਲਾਂ ਦੀ ਕਾਸ਼ਤ ਨਾਲ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਦਾ ਹੈ। ਫੁੱਲਾਂ ਦੀ ਫਸਲ ਤੋਂ ਕਮਾਈ ਦੇ ਨਾਲ-ਨਾਲ ਸਾਨੂੰ ਬਿਮਾਰੀਆਂ ਤੋ ਵੀ ਛੁਟਕਾਰਾ ਮਿਲੇਗਾ।

ਇਸ ਮੌਕੇ ਗੱਲਬਾਤ ਕਰਦਿਆਂ ਵਾਤਾਵਰਣ ਪ੍ਰੇਮੀ ਅਤੇ ਖੇਤੀ ਮਾਹਿਰ ਬਾਬਾ ਗੁਰਮੀਤ ਸਿੰਘ ਜੀ ਖੋਸਾ ਪਾਂਡੋ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣਾ ਤੇ ਪਾਣੀ ਦੀ ਸਾਂਭ-ਸੰਭਾਲ ਕਰਨਾ ਤੇ ਕੁਦਰਤੀ ਖੇਤੀ ਨਾਲ ਪਿੰਡਾਂ ਦੇ ਕਿਸਾਨਾਂ ਨੂੰ ਜੋੜਨਾ ਹੈ । ਉਨ੍ਹਾਂ ਨੇ ਕਿਹਾ ਕਿ ਅੱਜ ਮਨੁੱਖ ਤੇ ਧਰਤੀ ਦੋਵੇ ਬਿਮਾਰੀ ਦੀ ਗ੍ਰਿਫਤ ਵਿੱਚ ਹਨ। ਜਿਸਦਾ ਮੁੱਖ ਕਾਰਨ ਲੋੜ ਤੋਂ ਜਿਆਦਾ ਫਸਲਾਂ ਤੇ ਜਹਿਰ ਦਾ ਪ੍ਰਯੋਗ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਹਰ ਘਰ ਵਿੱਚ ਇੱਕ ਦੋ ਵਿਅਕਤੀ ਦਵਾਈ ਦੇ ਸਹਾਰੇ ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਪਿੰਡ ਖੋਸਾ ਪਾਂਡੋ ਤੋ ਇਲਾਵਾ ਚਾਰੇ ਪਾਸਿਆਂ ਵਿੱਚ ਉੱਦਮੀ ਨੌਜਵਾਨਾਂ ਦੀਆਂ ਇਕਾਈਆਂ ਬਣਾ ਕਿ ਨੌਜਵਾਨਾਂ ਨੂੰ ਆਰਗੈਨਿਕ ਸਬਜ਼ੀਆਂ ਤੇ ਹੋਰ ਫਸਲਾਂ ਤਿਆਰ ਕਰਕੇ ਆਪਣੇ ਤੌਰ ‘ਤੇ ਮੰਡੀਕਰਨ ਕਰਕੇ ਯਤਨ ਕਰ ਰਹੇ ਹਨ।