Punjab

ਆਸਟ੍ਰੇਲੀਆ ਨੂੰ 2-0 ਨਾਲ ਹਰਾਕੇ ਭਾਰਤੀ ਹਾਕੀ ਟੀਮ ਨੇ ਕੀਤੀ ਸ਼ਾਨਦਾਰ ਸ਼ੁਰੂਆਤ

ਬੁੱਧਵਾਰ ਨੂੰ ਭਾਰਤੀ ਹਾਕੀ ਟੀਮ ਨੇ ਪੱਛਮੀ ਆਸਟ੍ਰੇਲੀਆ ਥੰਡਰਸਟਿਕਸ ਨੂੰ 2-0 ਦੇ ਫਰਕ ਨਾਲ ਹਰਾਕੇ ਆਪਣੇ ਆਸਟ੍ਰੇਲੀਆ ਦੌਰੇ ਦੀ ਵਧੀਆ ਸ਼ੁਰੂਆਤ ਕੀਤੀ ਹੈ। ਭਾਰਤ ਵੱਲੋਂ ਬੀਰੇਂਦਰ ਲਾਕੜਾ (23ਵੇਂ ਮਿੰਟ) ਤੇ ਹਰਮਨਪ੍ਰਰੀਤ ਸਿੰਘ (50ਵੇਂ ਮਿੰਟ) ਨੇ ਗੋਲ ਕੀਤੇ ਜਿਸ ਨਾਲ ਟੀਮ ਪਹਿਲਾ ਮੈਚ ਜਿੱਤਣ ਵਿਚ ਕਾਮਯਾਬ ਰਹੀ।

ਭਾਰਤੀ ਟੀਮ ਇਸ ਦੌਰੇ ਵਿਚ 15 ਤੇ 17 ਮਈ ਨੂੰ ਆਸਟ੍ਰੇਲੀਆ ਦੀ ਰਾਸ਼ਟਰੀ ਟੀਮ ਖ਼ਿਲਾਫ਼ ਵੀ ਮੈਚ ਖੇਡੇਗੀ। ਸ਼ੁਰੂਆਤੀ ਮੈਚ ਖੇਡ ਰਹੇ ਜਸਕਰਨ ਸਿੰਘ ਨੂੰ ਪੰਜਵੇਂ ਮਿੰਟ ਵਿਚ ਹੀ ਮੌਕਾ ਮਿਲਿਆ ਪਰ ਉਹ ਇਸ ਦਾ ਫ਼ਾਇਦਾ ਨਾ ਉਠਾ ਸਕੇ। ਭਾਰਤ ਨੂੰ ਹਾਲਾਂਕਿ 23ਵੇਂ ਮਿੰਟ ਵਿਚ ਲਾਕੜਾ ਨੇ ਬੜ੍ਹਤ ਦਿਵਾ ਦਿੱਤੀ। ਭਾਰਤ ਨੂੰ 50ਵੇਂ ਮਿੰਟ ਪੈਨਲਟੀ ਕਾਰਨ ਮਿਲਿਆ ਜਿਸ ਨੂੰ ਹਰਮਨਪ੍ਰਰੀਤ ਨੇ ਗੋਲ ਵਿਚ ਬਦਿਲਆ। ਭਾਰਤ ਆਪਣਾ ਅਗਲਾ ਮੈਚ 10 ਮਈ ਨੂੰ ਆਸਟ੍ਰੇਲੀਆ-ਏ ਖ਼ਿਲਾਫ਼ ਖੇਡੇਗਾ।

ਉੱਥੇ ਹੀ ਭਾਵੇਂ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਨੂੰ ਸਮੁੰਦਰੀ ਤੂਫ਼ਾਨ ਫੇਨੀ ਦੀ ਵਜ੍ਹਾ ਨਾਲ ਮਾਮੂਲੀ ਨੁਕਸਾਨ ਪੁੱਜਾ ਹੈ ਪਰ ਹਾਕੀ ਇੰਡੀਆ ਨੇ ਬੁੱਧਵਾਰ ਨੂੰ ਇਹ ਸਾਫ ਕੀਤਾ ਹੈ ਕਿ ਇਸ ਨਾਲ ਅਗਲੇ ਮਹੀਨੇ ਹੋਣ ਵਾਲੇ ਹਾਕੀ ਸੀਰੀਜ਼ ਫਾਈਨਲਜ਼ ਦੀ ਮੇਜ਼ਬਾਨੀ ‘ਤੇ ਕੋਈ ਅਸਰ ਨਹੀਂ ਪਵੇਗਾ। 6 ਤੋਂ 15 ਜੂਨ ਤਕ ਹੋਣ ਵਾਲੇ ਇਸ ਟੂਰਨਾਮੈਂਟ ਨੂੰ ਓਡੀਸ਼ਾ ਦੀ ਰਾਜਧਾਨੀ ਤੋਂ ਟੂਰਨਾਮੈਂਟ ਨੂੰ ਪਹਿਲਾਂ ਲਖਨਊ ਜਾਂ ਰਾਇਪੁਰ ‘ਚ ਕਰਾਉਣ ਦੀ ਗੱਲ ਚਲ ਰਹੀ ਸੀ ਪਰ ਹੁਣ ਇਨ੍ਹਾਂ ਅਟਕਲਾਂ ‘ਤੇ ਵਿਰਾਮ ਲੱਗ ਗਿਆ ਹੈ।

ਗੌਰਤਲਬ ਹੈ ਕਿ ਅੱਠ ਦੇਸ਼ ਮਰਦ ਹਾਕੀ ਸੀਰੀਜ਼ ਫਾਈਨਲਜ਼ ਵਿਚ ਹਿੱਸਾ ਲੈਣਗੇ ਜਿਸ ਵਿਚ ਜਾਪਾਨ, ਮੈਕਸੀਕੋ, ਪੋਲੈਂਡ, ਰੂਸ, ਦੱਖਣੀ ਅਫਰੀਕਾ, ਅਮਰੀਕਾ, ਉਜ਼ਬੇਕਿਸਤਾਨ ਤੇ ਮੇਜ਼ਬਾਨ ਭਾਰਤ ਸ਼ਾਮਲ ਹਨ। ਇਹ 2020 ਟੋਕੀਓ ਓਲੰਪਿਕ ਲਈ ਇੱਕ ਕੁਆਲੀਫਾਇੰਗ ਚੈਂਪੀਅਨਸ਼ਿਪ ਹੋਵੇਗੀ।