Punjab

ਕਿਸਾਨਾਂ ਲਈ ਚੰਗੀ ਖ਼ਬਰ, ਇਸ ਸਾਲ 100 ਫ਼ੀਸਦੀ ਬਾਰਿਸ਼ ਹੋਣ ਦਾ ਅਨੁਮਾਨ

ਕਿਸਾਨਾਂ ਅਤੇ ਖੇਤੀ ਨਾਲ ਜੁੜੇ ਲੋਕਾਂ ਲਈ ਇੱਕ ਚੰਗੀ ਖਬਰ ਹੈ। ਇਸ ਸਾਲ ਦੇਸ਼ ‘ਚ ਮਾਨਸੂਨ ਚੰਗਾ ਰਹੇਗਾ ਅਤੇ ਅਨੁਮਾਨ ਹੈ ਕਿ 100 ਫੀਸਦੀ ਬਾਰਿਸ਼ ਹੋਵੇਗੀ। ਮੌਸਮ ਦੀ ਜਾਣਕਾਰੀ ਦੇਣ ਵਾਲੀ ਨਿੱਜੀ ਏਜੰਸੀ ਸਕਾਈਮੇਟ ਨੇ ਇਕ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਇਸ ਸਾਲ ਸੋਕਾ ਪੈਣ ਦਾ ਖਦਸ਼ਾ ਨਹੀਂ ਹੈ। ਰਿਪੋਰਟ ਮੁਤਾਬਕ ਇਸ ਸਾਲ ਜੂਨ-ਸਤੰਬਰ ਵਿਚਕਾਰ ਦੇਸ਼ ‘ਚ 100 ਫੀਸਦੀ ਮਾਨਸੂਨ ਦਾ ਅਨੁਮਾਨ ਹੈ ਅਤੇ ਪੂਰੇ ਮਾਨਸੂਨ ਸੀਜ਼ਨ ‘ਚ 96 ਤੋਂ 104 ਫੀਸਦੀ ਬਾਰਿਸ਼ ਹੋਣ ਦੀ ਸੰਭਾਵਨਾ 55 ਫੀਸਦੀ ਹੈ ਜਦੋਂ ਕਿ ਪੂਰੇ ਸੀਜ਼ਨ ‘ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ 5 ਫੀਸਦੀ ਹੈ। ਉੱਥੇ ਹੀ ਆਮ ਤੋਂ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ 20 ਫੀਸਦੀ ਹੈ ਅਤੇ ਆਮ ਤੋਂ ਘੱਟ ਬਾਰਿਸ਼ ਦੀ ਸੰਭਾਵਨਾ ਵੀ 20 ਫੀਸਦੀ ਹੈ।

ਧਿਆਨਯੋਗ ਹੈ ਕਿ ਭਾਰਤ ‘ਚ ਜੂਨ ਤੋਂ ਸ਼ੁਰੂ ਹੋਣ ਵਾਲੇ ਮਾਨੂਸਨ ਮੌਸਮ ‘ਚ 96 ਫੀਸਦੀ ਅਤੇ 104 ਫੀਸਦੀ ਵਿਚਕਾਰ ਰਹਿਣ ਵਾਲੀ ਬਾਰਿਸ਼ ਨੂੰ ਠੀਕ-ਠਾਕ ਜਾਂ ਔਸਤ ਬਾਰਿਸ਼ ਮੰਨਿਆ ਜਾਂਦਾ ਹੈ, ਜਦੋਂ ਕਿ 90 ਫੀਸਦੀ ਤੋਂ ਘੱਟ ਬਾਰਿਸ਼ ਹੋਣ ‘ਤੇ ਸੋਕਾ ਐਲਾਨ ਕੀਤਾ ਜਾਂਦਾ ਹੈ। ਸਕਾਈਮੇਟ ਦੀ ਰਿਪੋਰਟ ਮੁਤਾਬਕ ਇਸ ਵਾਰ ਸੋਕੇ ਦੀ ਸੰਭਾਵਨਾ ਜ਼ੀਰੋ ਫੀਸਦੀ ਹੈ, ਯਾਨੀ ਇਸ ਵਾਰ ਬਾਰਿਸ਼ 90 ਫੀਸਦੀ ਤੋਂ ਜ਼ਿਆਦਾ ਹੀ ਹੋਵੇਗੀ ਅਤੇ ਉੱਤਰ ਭਾਰਤ ‘ਚ ਇਸ ਵਾਰ ਬਾਰਿਸ਼ ਦਾ ਮੌਸਮ ਚੰਗਾ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਦੂਜੇ ਪਾਸੇ, ਇਸ ਸੰਬੰਧੀ ਸਰਕਾਰੀ ਮੌਸਮ ਵਿਭਾਗ ਵੀ 15 ਅਪ੍ਰੈਲ ਤਕ ਆਪਣੀ ਮਾਨਸੂਨ ਸੰਬੰਧੀ ਰਿਪੋਰਟ ਜਾਰੀ ਕਰ ਸਕਦਾ ਹੈ।

ਜੂਨ-ਸਤੰਬਰ ਵਿਚਕਾਰ ਕੁੱਝ ਇਸ ਤਰ੍ਹਾਂ ਦਾ ਰਹੇਗਾ ਮਾਨਸੂਨ?
# ਸਕਾਈਮੇਟ ਮੁਤਾਬਕ 55 ਫੀਸਦੀ ਸੰਭਾਵਨਾ ਹੈ ਕਿ ਬਾਰਿਸ਼ 96 ਤੋਂ 104 ਫੀਸਦੀ ਵਿਚਕਾਰ ਹੋਵੇਗੀ।
# 5 ਫੀਸਦੀ ਸੰਭਾਵਨਾ ਹੈ ਕਿ ਮਾਨਸੂਨ ਸੀਜ਼ਨ ‘ਚ ਭਾਰੀ ਯਾਨੀ 110 ਫੀਸਦੀ ਤੋਂ ਜ਼ਿਆਦਾ ਬਾਰਿਸ਼ ਹੋਵੇਗੀ।
# ਲਗਭਗ 20 ਫੀਸਦੀ ਸੰਭਾਵਨਾ ਹੈ ਕਿ ਬਾਰਿਸ਼ ਆਮ ਤੋਂ ਥੋੜ੍ਹਾ ਵੱਧ \ ਯਾਨੀ 105 ਤੋਂ 110 ਫੀਸਦੀ ਵਿਚਕਾਰ ਹੋਵੇ।
# ਉੱਥੇ ਹੀ, 20 ਫੀਸਦੀ ਸੰਭਾਵਨਾ ਅਜਿਹੀ ਹੈ ਕਿ ਬਾਰਿਸ਼ ਆਮ ਤੋਂ ਥੋੜ੍ਹਾ ਘੱਟ ਯਾਨੀ 90 ਤੋਂ 95 ਫੀਸਦੀ ਵਿਚਕਾਰ ਹੋਵੇਗੀ।
# ਸਕਾਈਮੇਟ ਮੁਤਾਬਕ ਇਸ ਸਾਲ ਸੋਕਾ ਪੈਣ ਦਾ ਖਦਸ਼ਾ ਨਹੀਂ ਹੈ, ਯਾਨੀ ਕਿਤੇ ਵੀ ਅਜਿਹਾ ਨਹੀਂ ਲੱਗ ਰਿਹਾ ਕਿ ਜੂਨ ਤੋਂ ਸਤੰਬਰ ਦੌਰਾਨ ਬਾਰਿਸ਼ 90 ਫੀਸਦੀ      ਤੋਂ ਘੱਟ ਹੋਵੇਗੀ।
# ਜੂਨ ‘ਚ ਔਸਤਨ 111 ਫੀਸਦੀ, ਜੁਲਾਈ ‘ਚ 97 ਫੀਸਦੀ, ਅਗਸਤ ‘ਚ 96 ਫੀਸਦੀ ਅਤੇ ਸਤੰਬਰ ‘ਚ 101 ਫੀਸਦੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।