Punjab

ਕੈਪਟਨ ਅਤੇ ਰਾਹੁਲ ਗਾਂਧੀ ਦੀ ਮੀਟਿੰਗ ਅੱਜ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਵਿਚਾਲੇ ਅੱਜ ਦਿੱਲੀ `ਚ ਇੱਕ ਬੇਹੱਦ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਪਤਾ ਲੱਗਾ ਹੈ ਕਿ ਕੈਪਟਨ ਕੱਲ੍ਹ ਐਤਵਾਰ ਨੂੰ ਹੀ ਦਿੱਲੀ ਪੁੱਜ ਗਏ ਸਨ।

ਆਉਂਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ `ਚ ਰੱਖਦਿਆਂ ਅੱਜ ਦੀ ਇਹ ਮੀਟਿੰਗ ਅਹਿਮ ਮੰਨੀ ਜਾ ਰਹੀ ਹੈ। ਸਿਆਸੀ ਗਲਿਆਰਿਆਂ `ਚ ਅਜਿਹੀਆਂ ਕਨਸੋਆਂ ਹਨ ਕਿ ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਪੰਜਾਬ `ਚ ਕੁਝ ਵਧੇਰੇ ਕੰਮ ਆਉਣ ਵਾਲੇ ਕੁਝ ਕਾਂਗਰਸੀ ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਤੇ ਉਨ੍ਹਾਂ ਨੂੰ ਐਡਜਸਟ ਕਰਨ ਲਈ ਇੱਕ-ਦੋ ਮੰਤਰੀਆਂ ਦੀ ਛੁੱਟੀ ਵੀ ਕੀਤੀ ਜਾ ਸਕਦੀ ਹੈ।

ਸਭ ਤੋਂ ਵੱਡਾ ਪ੍ਰਸ਼ਨ ਇਸ ਵੇਲੇ ਨਵਜੋਤ ਸਿੰਘ ਸਿੱਧੂ ਦਾ ਹੈ ਕਿਉਂਕਿ ਜਿਸ ਤਰੀਕੇ ਰਾਹੁਲ ਗਾਂਧੀ ਦਾ ਨਾਅਰਾ ਦੇ ਕੇ ਤਿੰਨ ਸੂਬਿਆਂ `ਚ ਕਾਂਗਰਸ ਦੀ ਸਰਕਾਰ ਬਣਾਉਣ ਵਿੱਚ ਆਪਣਾ ਵੱਡਮੁਲਾ ਯੋਗਦਾਨ ਉਨ੍ਹਾਂ ਪਾਇਆ ਹੈ; ਉਸ ਤੋਂ ਕਾਂਗਰਸ ਹਾਈ-ਕਮਾਂਡ ਡਾਢੀ ਖ਼ੁਸ਼ ਹੈ; ਇਸੇ ਲਈ ਸ੍ਰੀ ਸਿੱਧੂ ਨੂੰ ਪੰਜਾਬ ਕੈਬਿਨੇਟ `ਚ ਹੀ ਕੋਈ ਹੋਰ ਅਹਿਮ ਮੰਤਰਾਲਾ ਸੌਂਪਿਆ ਜਾ ਸਕਦਾ ਹੈ ਜਾਂ ਕੋਈ ਹੋਰ ਵੱਡੀ ਜਿ਼ੰਮੇਵਾਰੀ ਦਿੱਤੀ ਜਾ ਸਕਦੀ ਹੈ।

ਇਸ ਤੋਂ ਇਲਾਵਾ ਪੰਜਾਬ ਦੇ ਨਵੇਂ ਡੀਜੀਪੀ ਬਾਰੇ ਰਾਹੁਲ ਗਾਂਧੀ ਨਾਲ ਵਿਚਾਰ-ਚਰਚਾ ਹੋ ਸਕਦੀ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹੀ ਕੁਝ ਵਿਧਾਇਕਾਂ ਨੂੰ ਚੇਅਰਮੈਨ ਬਣਾ ਕੇ ਉਨ੍ਹਾਂ ਨੂੰ ਖ਼ੁਸ਼ ਕੀਤਾ ਜਾਣਾ ਹੈ।