Punjab

ਪਾਕਿ ਮੀਡੀਆ ਨੇ ਅਟਲ ਜੀ ਨੂੰ ਦੱਸਿਆ ‘ਸ਼ਾਂਤੀ ਦੂਤ’..

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਜੀ ਨੂੰ ਭਾਰਤ ਸਮੇਤ ਗੁਆਂਢੀ ਦੇਸ਼ਾਂ ਨੇ ਸ਼ਰਧਾਂਜਲੀ ਦਿੱਤੀ ਹੈ। ਜਿੱਥੇ ਮੌਰੀਸ਼ਸ ਨੇ ਦੇਸ਼ ਦੇ ਝੰਡੇ ਨੂੰ ਅੱਧਾ ਝੁਕਾ ਕੇ ਅਟਲ ਜੀ ਨੂੰ ਸ਼ਰਧਾਂਜਲੀ ਦਿੱਤੀ ਹੈ, ਉੱਥੇ ਪਾਕਿਸਤਾਨ ਤੋਂ ਪ੍ਰਕਾਸ਼ਿਤ ਪ੍ਰਮੁੱਖ ਅਖਬਾਰਾਂ ਨੇ ਅਟਲ ਬਿਹਾਰੀ ਨੂੰ ਵੱਖ-ਵੱਖ ਸ਼ਬਦਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ ਹੈ। ਉਨ੍ਹਾਂ ਵਿਚੋਂ ਕੁਝ ਅਖਬਾਰਾਂ ਦਾ ਜ਼ਿਕਰ ਹੇਠਾਂ ਕੀਤਾ ਗਿਆ ਹੈ।

ਪਾਕਿਸਤਾਨ ਦੇ ਪ੍ਰਮੁੱਖ ਅੰਗਰੇਜ਼ੀ ਅਖਬਾਰ ‘ਦੀ ਡਾਨ’ ਨੇ ਆਪਣੇ ਪਹਿਲੇ ਸਫੇ ‘ਤੇ ਵਾਜਪਾਈ ਦੇ ਦਿਹਾਂਤ ਨਾਲ ਜੁੜੀ ਇਕ ਤਸਵੀਰ ਛਾਪੀ ਹੈ। ਅਖਬਾਰ ਨੇ ਤੀਜੇ ਸਫੇ ‘ਤੇ ਇਸ ਬਾਰੇ ਵਿਸਥਾਰ ਵਿਚ ਦੱਸਿਆ ਹੈ। ਨਾਲ ਹੀ ਉਨ੍ਹਾਂ ਨੇ ਅਟਲ ਜੀ ਨੂੰ ਪਾਕਿਸਤਾਨ ਨਾਲ ਵਾਰਤਾ ਕਰਨ ਵਾਲਾ ਸ਼ਾਂਤੀ ਦੂਤ ਦੱਸਿਆ ਹੈ।

ਪਾਕਿਸਤਾਨ ਦੇ ਇਕ ਹੋਰ ਅੰਗਰੇਜ਼ੀ ਅਖਬਾਰ ਨੇ ਆਪਣੇ ਪਹਿਲੇ ਸਫੇ ‘ਤੇ ਵਾਜਪਾਈ ਦੀ ਇਕ ਮੁਸਕੁਰਾਉਂਦੀ ਹੋਈ ਤਸਵੀਰ ਛਾਪੀ ਹੈ। ‘ਦੀ ਐਕਸਪ੍ਰੈੱਸ ਟ੍ਰਿਬਿਊਨ’ ਅਖਬਾਰ ਨੇ ਵੀ ਅਟਲ ਜੀ ਦੇ ਬਾਰੇ ਅੰਦਰਲੇ ਸਫਿਆਂ ‘ਤੇ ਵਿਸਥਾਰ ਨਾਲ ਲਿਖਿਆ ਹੈ। ਅੰਗਰੇਜ਼ੀ ਅਖਬਾਰ ‘ਇੰਟਰਨੈਸ਼ਨਲ ਦੀ ਨਿਊਜ਼’ ਨੇ ਵੀ ਇਸ ਖਬਰ ਨੂੰ ਪਹਿਲੇ ਸਫੇ ‘ਤੇ ਛਾਪਿਆ ਹੈ।

‘ਜੰਗ’ ਨਾਮ ਦੇ ਉਰਦੂ ਨਿਊਜ਼ ਪੋਰਟਲ ਨੇ ਅਟਲ ਬਿਹਾਰੀ ਵਾਜਪਾਈ ਨਾਲ ਜੁੜੀਆਂ ਤਿੰਨ ਖਬਰਾਂ ਪ੍ਰਕਾਸ਼ਿਤ ਕੀਤੀਆਂ ਹਨ। ਪਾਕਿਸਤਾਨ ਵਿਚ ਟਵਿੱਟਰ ‘ਤੇ ਵੀ ਅਟਲ ਸਬੰਧੀ ਖਬਰਾਂ ਟਰੈਂਡ ਵਿਚ ਰਹੀਆਂ। ਲੋਕਾਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ। ਜ਼ਿਆਦਾਤਰ ਪਾਕਿਸਤਾਨੀ ਨਾਗਰਿਕਾਂ ਨੇ ਉਨ੍ਹਾਂ ਨੂੰ ਸਾਲ 1999 ਵਿਚ ਸ਼ੁਰੂ ਕੀਤੀ ਗਈ ਲਾਹੌਰ ਬੱਸ ਯਾਤਰਾ ਲਈ ਯਾਦ ਕੀਤਾ।

ਪਾਕਿਸਤਾਨੀ ਪੱਤਰਕਾਰ ਗਿਬਰਾਨ ਅਸ਼ਰਫ ਮੁਤਾਬਕ ਅਟਲ ਜੀ ਦਾ ਕਾਰਜਕਾਲ ਆਖਰੀ ਸੀ, ਜਦੋਂ ਭਾਰਤ ਅਤੇ ਪਾਕਿਸਤਾਨ ਕਰੀਬ ਆਏ ਸਨ। ਕੁਝ ਲੋਕਾਂ ਨੇ ਵਾਜਪਾਈ ਦੀ ਲਾਹੌਰ ਯਾਤਰਾ ਦੀ ਸਾਬਕਾ ਅਮਰੀਕੀ ਰਾਸ਼ਟਰਪਤੀ ਨਿਕਸਨ ਦੀ ਚੀਨ ਯਾਤਰਾ ਨਾਲ ਤੁਲਨਾ ਕਰਦੇ ਹੋਏ ਉਨ੍ਹਾਂ ਨੂੰ ਇਕ ਬਹਾਦੁਰ ਪ੍ਰਧਾਨ ਮੰਤਰੀ ਮੰਨਿਆ ਅਤੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ।

ਕਈ ਪਾਕਿਸਤਾਨੀ ਨਾਗਰਿਕਾਂ ਨੇ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਨੂੰ ਇਕ ਯੁੱਗ ਦਾ ਅੰਤ ਦੱਸਿਆ। ਵਾਜਪਾਈ ਦੇ ਦਿਹਾਂਤ ‘ਤੇ ਸਭ ਤੋਂ ਭਾਵੁਕ ਟਵੀਟ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਅਟਲ ਜੀ ਦੀ ਇਕ ਕਵਿਤਾ ‘ਜੰਗ ਨਾ ਹੋਣੇ ਦੇਂਗੇ’ ਟਵੀਟ ਕੀਤੀ।

ਇਕ ਹੋਰ ਪੱਤਰਕਾਰ ਨੇ ਅਟਲ ਜੀ ਨੂੰ ਇਕ ਬਿਹਤਰੀਨ ਰਾਜਨੇਤਾ ਕਰਾਰ ਦਿੱਤਾ। ਸ਼ਸ਼ੀ ਥਰੂਰ ਨਾਲ ਆਪਣੀ ਕਥਿਤ ਨਜਦੀਕੀ ਕਾਰਨ ਚਰਚਾ ਵਿਚ ਰਹਿਣ ਵਾਲੀ ਪਾਕਿਸਤਾਨੀ ਪੱਤਰਕਾਰ ਅਤੇ ਕਾਲਮਨਿਸਟ ਮੇਹਰ ਤਰਾਰ ਨੇ ਵੀ ਟਵੀਟ ਕੀਤਾ। ਮੇਹਰ ਤਰਾਰ ਮੁਤਾਬਕ ਵਾਜਪਾਈ ਅਜਿਹੇ ਪ੍ਰਧਾਨ ਮੰਤਰੀ ਸਨ ਜੋ ਭਾਰਤ ਅਤੇ ਪਾਕਿਸਤਾਨ ਨੂੰ ਉਨ੍ਹਾਂ ਦੇ ਖੂਨੀ ਇਤਿਹਾਸ ਤੋਂ ਅੱਗੇ ਕੱਢ ਕੇ ਸ਼ਾਂਤੀ ਦੀ ਰਾਹ ‘ਤੇ ਲਿਜਾਣਾ ਚਾਹੁੰਦੇ ਸਨ, ਪਰ ਅਸੀਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਦਿੱਤਾ।