Punjab

ਅੱਜ ਪੰਜਾਬ ਸਮੇਤ ਦੇਸ਼ ਦੇ 13 ਸੂਬਿਆਂ ‘ਚ ਭਿਆਨਕ ਤੂਫਾਨ ਤੇ ਮੀਂਹ ਸੰਭਾਵਨਾ

ਪੰਜਾਬ, ਹਰਿਆਣਾ ਤੇ ਹਿਮਾਚਲ ਸਮੇਤ ਦੇਸ਼ ਦੇ 13 ਵੱਖ-ਵੱਖ ਸੂਬਿਆਂ ‘ਚ ਸੋਮਵਾਰ ਨੂੰ ਭਿਆਨਕ ਤੂਫਾਨ ਆਉਣ ਤੇ ਕਈ ਥਾਈਂ ਭਾਰੀ ਮੀਂਹ ਪੈਣ ਸਬੰਧੀ ਮੌਸਮ ਵਿਭਾਗ ਤੇ ਕੇਂਦਰੀ ਗ੍ਰਹਿ ਮੰਤਰਾਲਾ ਨੇ ਅਲਰਟ ਜਾਰੀ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ 13 ਵੱਖ-ਵੱਖ ਸੂਬਿਆਂ ਨੂੰ ਕਿਹਾ ਹੈ ਕਿ ਉਹ ਸੋਮਵਾਰ ਵਿਸ਼ੇਸ਼ ਤੌਰ ‘ਤੇ ਅਹਿਤਿਆਤੀ ਕਦਮ ਚੁੱਕਣ ਕਿਉਂਕਿ ਭਿਆਨਕ ਤੂਫਾਨ ਅਤੇ ਧੂੜ ਭਰੀ ਹਨੇਰੀ ਝੁਲ ਸਕਦੀ ਹੈ ਅਤੇ ਨਾਲ ਹੀ ਕਈ ਥਾਵਾਂ ‘ਤੇ ਦਰਮਿਆਨੀ ਤੇ ਕਈ ਥਾਵਾਂ ‘ਤੇ ਬਹੁਤ ਭਾਰੀ ਵਰਖਾ ਹੋ ਸਕਦੀ ਹੈ।

ਗੜੇ ਪੈਣ ਦੀ ਵੀ ਸੰਭਾਵਨਾ ਪ੍ਰਗਟਾਈ ਗਈ ਹੈ। ਜਿਨ੍ਹਾਂ 13 ਸੂਬਿਆਂ ‘ਚ ਕੁਦਰਤੀ ਆਫਤ ਆਉਣ ਦਾ ਡਰ ਪ੍ਰਗਟਾਇਆ ਗਿਆ ਹੈ, ਉਨ੍ਹਾਂ ਵਿਚ ਜੰਮੂ-ਕਸ਼ਮੀਰ, ਉੱਤਰਾਖੰਡ, ਪੱਛਮੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਆਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਤੇ ਤ੍ਰਿਪੁਰਾ ‘ਚ ਭਾਰੀ ਮੀਂਹ ਪੈ ਸਕਦਾ ਹੈ।

ਗੌਰਤਲਬ ਹੈ ਕਿ ਪੱਛਮੀ ਗੜਬੜ ਕਾਰਨ ਦਿੱਲੀ ਐੱਨ. ਸੀ. ਆਰ. ਅਤੇ ਨਾਲ ਲੱਗਦੇ ਖੇਤਰਾਂ ‘ਚ ਵੀ ਸੋਮਵਾਰ ਹਨੇਰੀਆਂ, ਝੱਖੜ ਝੁੱਲਣ ਦੀ ਸੰਭਾਵਨਾ ਹੈ। ਇਸ ਕਾਰਨ ਦਿੱਲੀ ‘ਚ ਸੋਮਵਾਰ ਤਾਪਮਾਨ ਹੇਠਾਂ ਡਿੱਗ ਸਕਦਾ ਹੈ। ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕਿ 7 ਤੇ 8 ਮਈ ਨੂੰ ਲਗਭਗ ਸਾਰੇ ਉੱਤਰੀ ਭਾਰਤ ‘ਚ ਮੌਸਮ ਖਰਾਬ ਰਹੇਗਾ।
ਓਧਰ ਪੱਛਮੀ ਬੰਗਾਲ ਦੇ ਨਾਦੀਆ ਜ਼ਿਲੇ ‘ਚ ਅੱਜ 90 ਤੋਂ ਲੈ ਕੇ 100 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨ ਆਉਣ ਕਾਰਨ 7 ਲੋਕ ਜ਼ਖਮੀ ਹੋ ਗਏ, ਜਦਕਿ ਰਾਣਾਘਾਟ, ਹੰਸਖਲੀ ਤੇ ਕ੍ਰਿਸ਼ਨ ਨਗਰ ‘ਚ 200 ਘਰ ਤਬਾਹ ਹੋ ਗਏ।