Punjab

ਕੈਪਟਨ ਸਰਕਾਰ ਨੇ ਕੀਤਾ ਲੋਕਾਂ ਨਾਲ ਧੋਖਾਂ ….ਭਗਵੰਤ ਮਾਨ

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਖਡੂਰ ਸਾਹਿਬ ਵਿਖੇ ਆਮ ਆਦਮੀ ਪਾਰਟੀ ਦੀ ਇਕ ਪ੍ਰਭਾਵਸ਼ਾਲੀ ਕਾਨਫਰੰਸ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਬਿੱਟੂ ਖੁਵਾਸਪੁਰ ਦੀ ਅਗਵਾਈ ਹੇਠ ਕਰਵਾਈ ਗਈ।

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੌਜੂਦਾ ਕੈਪਟਨ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਦੇਸ਼ ਦੇ ਅੰਨਦਾਤਾ ਪੰਜਾਬ ਦੇ ਕਿਸਾਨਾਂ ਦੀਆਂ ਖੁਦਕੁਸ਼ੀਆ ਲਈ ਇਹ ਹਕੂਮਤ ਜ਼ਿੰਮੇਵਾਰ ਹੈ, ਜਿਸ ਨੇ ਜ਼ਿਮੀਂਦਾਰਾਂ ਨੂੰ ਕਰਜ਼ੇ ਤੋਂ ਮੁਕਤ ਕਰਨ ਲਈ ਕੋਈ ਵੀ ਉਸਾਰੂ ਕਦਮ ਨਹੀਂ ਚੁੱਕਿਆ, ਜਿਸ ਕਾਰਨ ਪੰਜਾਬ ਦੀ ਕਿਰਸਾਨੀ ਹੁਣ ਦਮ ਤੋੜਦੀ ਨਜ਼ਰ ਆ ਰਹੀ ਹੈ।

ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਭਗਵੰਤ ਮਾਨ ਕਿਹਾ ਕਿ ਕੈਪਟਨ ਸਰਕਾਰ ਬਣੀ ਨੂੰ ਛੇ ਮਹੀਨੇ ਹੋ ਗਏ ਹਨ ਪਰ ਕੈਪਟਨ ਸਾਹਿਬ ਛੇ ਵਾਰੀ ਪੰਜਾਬ ਵਿਚ ਨਹੀਂ ਆਏ ਤੇ ਛੇ ਮਹੀਨਿਆਂ ਵਿਚ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ ਉਨ੍ਹਾਂ ਕਿਹਾ ਕਿ ਸੂਬਾ ਵਾਸੀਆਂ ਨਾਲ ਅਨੇਕਾਂ ਝੂਠੇ ਵਾਅਦੇ ਕਰ ਕੇ ਸੱਤਾ ਹਥਿਆਉਣ ਵਾਲੀ ਕੈਪਟਨ ਸਰਕਾਰ ਤੋਂ ਪੰਜਾਬ ਤੇ ਪੰਜਾਬੀਆਂ ਦੇ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ।

ਭੋਲੇ-ਭਾਲੇ ਪੰਜਾਬੀਆਂ ਨੂੰ ਲੁੱਟਣ ਵਾਲਿਆਂ ਦੀਆਂ ਸਿਰਫ ਪੱਗਾਂ ਦੇ ਰੰਗ ਹੀ ਬਦਲੇ ਹਨ ਜਦਕਿ ਲੁੱਟ-ਘਸੁੱਟ ਤੇ ਧੱਕੇਸ਼ਾਹੀ ਪਹਿਲਾਂ ਵਾਂਗ ਹੀ ਜਾਰੀ ਹੈ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਨੂੰ ਮੂਰਖ ਬਣਾ ਰਹੀ ਹੈ। ਇਸ ਸਮੇਂ ਲੋਕ ਇਨਸਾਫ ਪਾਰਟੀ ਦੇ ਜ਼ਿਲਾ ਪ੍ਰਧਾਨ ਰਾਜਵੀਰ ਸਿੰਘ ਪੱਖੋਕੇ, ਬਿਕਰਮ ਸਿੰਘ ਢਿੱਲੋਂ, ਸ਼ਹਿਰੀ ਪ੍ਰਧਾਨ ਪਰਮਪਾਲ ਸਿੰਘ ਭਰੋਵਾਲ, ਮਹਿੰਦਰ ਸਿੰਘ ਕੰਬੋਜ, ਠੇਕੇਦਾਰ ਸੁਖਦੇਵ ਸਿੰਘ, ਬਲਦੇਵ ਸਿੰਘ, ਯੂਥ ਆਗੂ ਜਸਵੰਤ ਸਿੰਘ ਲਵਲੀ ਆਦਿ ਵੀ ਹਾਜ਼ਰ ਸਨ।

ਇਸ ਮੌਕੇ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਗੁਰਵਿੰਦਰ ਸਿੰਘ ਸ਼ਾਮਪੁਰ, ਜਸਜੋਤ ਸਿੰਘ ਖਾਲਸਾ, ਮਾਝਾ ਜ਼ੋਨ ਪ੍ਰਧਾਨ ਕੰਵਲਪ੍ਰੀਤ ਸਿੰਘ ਕਾਕੀ, ਇੰਦਰਬੀਰ ਸਿੰਘ ਨਿੱਝਰ, ਦਲਬੀਰ ਸਿੰਘ, ਏ. ਟੀ. ਓ. ਹਰਭਜਨ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਸੱਜਣ ਸਿੰਘ ਚੀਮਾ, ਮਨਜਿੰਦਰ ਸਿੰਘ ਸਿੱਧੂ, ਪਹਿਲਵਾਨ ਕਰਤਾਰ ਸਿੰਘ, ਰਣਜੀਤ ਸਿੰਘ ਚੀਮਾ ਆਦਿ ਸੀਨੀਅਰ ਆਗੂਆਂ ਨੇ ਵੀ ਹਾਜ਼ਰ ਲੋਕਾਂ ਨੂੰ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਇਆ। ਸਮਾਪਤੀ ਮੌਕੇ ਕਾਨਫਰੰਸ ਪ੍ਰਬੰਧਕ ਭੁਪਿੰਦਰ ਸਿੰਘ ਬਿੱਟੂ ਖੁਵਾਸਪੁਰ ਤੇ ਸਾਥੀਆਂ ਵੱਲੋਂ ਪੁੱਜੀ ਸੀਨੀਅਰ ਲੀਡਰਸ਼ਿਪ ਦਾ ਵਿਸ਼ੇਸ਼ ਸਨਮਾਨ ਕਰਦਿਆਂ ਜੀ ਆਇਆਂ ਵੀ ਕਿਹਾ ਗਿਆ।